ਪਟਿਆਲਾ: 10 ਅਗਸਤ, 2016
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਮੁਲਤਾਨੀ ਮੱਲ ਮੋਦੀ ਕਾਲਜ ਦੀਆਂ ਅਕਾਦਮਿਕ, ਖੋਜ ਅਤੇ ਹੋਰ ਉਂਚ ਪੱਧਰੀ ਸਹੂਲਤਾਂ ਨੂੰ ਮਾਨਤਾ ਦਿੰਦਿਆਂ ਸੀ.ਪੀ.ਈ.-।। ਸਟੇਟਸ ਅਤੇ 1.60 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਹੈ। ਸਾਰੇ ਦੇਸ਼ ਵਿਚੋਂ 72 ਕਾਲਜਾਂ ਨੇ ਇਸ ਦਰਜੇ ਲਈ ਆਪਣੀ ਦਾਅਵੇਦਾਰੀ ਦਰਜ ਕੀਤੀ ਸੀ, ਜਿਨ੍ਹਾਂ ਵਿਚੋਂ ਸਿਰਫ਼ 32 ਕਾਲਜਾਂ ਨੂੰ ਹੀ ਇਹ ਸਥਾਨ ਪ੍ਰਾਪਤ ਕਰਨ ਦਾ ਮਾਣ ਮਿਲਿਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੂਰੇ ਪੰਜਾਬ ਵਿਚੋਂ ਸਿਰਫ਼ 2 ਕਾਲਜਾਂ ਨੂੰ ਹੀ ਇਹ ਸਥਾਨ ਮਿਲ ਸਕਿਆ ਹੈ। ਇਸ ਮਾਣਮੱਤੀ ਪ੍ਰਾਪਤੀ ਨੇ ਮੁਲਤਾਨੀ ਮੱਲ ਮੋਦੀ ਕਾਲਜ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਲੰਮੀ ਲੜੀ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਕਾਲਜ ਨੂੰ 2010 ਵਿਚ ਸੀ.ਪੀ.ਈ. ਦਾ ਦਰਜਾ ਅਤੇ 2015 ਵਿਚ ਨੈਕ ਵੱਲੋਂ 3.26 ਸੀ.ਜੀ.ਪੀ.ਏ. ਨਾਲ ‘ਏ’ ਗ੍ਰੇਡ ਵੀ ਮਿਲ ਚੁੱਕਿਆ ਹੈ। ਕਾਲਜ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਪ੍ਰਿੰਸੀਪਲ ਅਤੇ ਕਾਲਜ ਦੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਹੋਇਆਂ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰੋ. ਸੁਰਿੰਦਰ ਲਾਲ ਅਤੇ ਕਰਨਲ (ਰਿ.) ਕਰਮਿੰਦਰ ਸਿੰਘ ਨੇ ਭਰੋਸਾ ਦਵਾਇਆ ਕਿ ਇਹ ਕਾਲਜ ਅੱਗੇ ਤੋਂ ਵੀ ਇਸੇ ਤਰ੍ਹਾਂ ਤਰੱਕੀ ਦੀ ਰਾਹ ਤੇ ਤੇਜ਼ ਕਦਮਾਂ ਨਾਲ ਚਲਦਾ ਰਹੇਗਾ।
ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਸਮੂਹ ਸਟਾਫ਼ ਅਤੇ ਖਾਸ ਤੌਰ ਤੇ ਕਾਲਜ ਦੀ ਯੂ.ਜੀ.ਸੀ. ਕਮੇਟੀ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਇਹ ਵੀ ਆਸ ਪ੍ਰਗਟਾਈ ਕਿ ਇਹ ਕਾਲਜ ਭਵਿੱਖ ਵਿੱਚ ਉਚੇਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਅਕਾਦਮਿਕ ਗੁਣਵੱਤਾ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਯਤਨਸ਼ੀਲ ਰਹੇਗਾ। ਇਸ ਮੌਕੇ ਤੇ ਪ੍ਰੋ. ਸ਼ਰਵਨ ਕੁਮਾਰ, ਡਾ. ਰਾਜੀਵ ਸ਼ਰਮਾ, ਡਾ. ਨੀਰਜ ਗੋਇਲ, ਪ੍ਰੋ. ਵਿਨੇ ਗਰਗ ਅਤੇ ਡਾ. ਸੰਜੇ ਕੁਮਾਰ ਵੀ ਹਾਜ਼ਰ ਸਨ।